ਸੂਹੀ ਮਹਲਾ ੧ ॥ ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥ ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥੧॥ ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥ ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥ ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥ ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥ ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥ ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥੯॥
ਅਰਥ: ਹੇ ਮੇਰੇ ਸੋਹਣੇ ਪ੍ਰਭੂ ਜੀ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ (ਮੈਨੂੰ ਇਹ ਸਮਝ ਨਹੀਂ ਆ ਸਕਦੀ ਕਿ ਤੇਰੇ ਵਿਚ ਕਿਤਨੀਆਂ ਕੁ ਸਿਫ਼ਤਾਂ ਹਨ) । ਤੂੰ ਪਾਣੀ ਵਿਚ ਭਰਪੂਰ ਹੈਂ, ਤੂੰ ਧਰਤੀ ਦੇ ਅੰਦਰ ਵਿਆਪਕ ਹੈਂ, ਤੂੰ ਆਕਾਸ਼ ਵਿਚ ਹਰ ਥਾਂ ਮੌਜੂਦ ਹੈਂ, ਤੂੰ ਆਪ ਹੀ ਸਭ ਜੀਵਾਂ ਵਿਚ ਸਭ ਥਾਵਾਂ ਵਿਚ ਸਮਾਇਆ ਹੋਇਆ ਹੈਂ।੧।ਰਹਾਉ।
ਹੇ ਪ੍ਰਭੂ! ਕੋਈ ਐਸੀ ਤੱਕੜੀ ਨਹੀਂ ਕੋਈ ਐਸਾ ਵੱਟਾ ਨਹੀਂ (ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕਣ) , ਕੋਈ ਐਸਾ ਸਰਾਫ਼ ਨਹੀਂ ਜਿਸ ਨੂੰ ਮੈਂ (ਤੇਰੇ ਗੁਣਾਂ ਦਾ ਅੰਦਾਜ਼ਾ ਲਾਣ ਵਾਸਤੇ) ਸੱਦ ਸਕਾਂ। ਮੈਨੂੰ ਕੋਈ ਐਸਾ ਉਸਤਾਦ ਨਹੀਂ ਦਿੱਸਦਾ ਜਿਸ ਪਾਸੋਂ ਮੈਂ ਤੇਰਾ ਮੁੱਲ ਪਵਾ ਸਕਾਂ ਜਾਂ ਮੁੱਲ ਪਾਣ ਦੀ ਜਾਚ ਸਿੱਖ ਸਕਾਂ।੧।
ਹੇ ਪ੍ਰਭੂ! ਜੇ ਮੇਰਾ ਮਨ ਤੱਕੜੀ ਬਣ ਜਾਏ, ਜੇ ਮੇਰਾ ਚਿੱਤ ਤੋਲਣ ਵਾਲਾ ਵੱਟਾ ਬਣ ਜਾਏ, ਜੇ ਮੈਂ ਤੇਰੀ ਸੇਵਾ ਕਰ ਸਕਾਂ, ਤੇਰਾ ਸਿਮਰਨ ਕਰ ਸਕਾਂ (ਜੇ ਇਹ ਸੇਵਾ-ਸਿਮਰਨ ਮੇਰੇ ਵਾਸਤੇ) ਸਰਾਫ਼ ਬਣ ਜਾਏ (ਤੇਰੇ ਗੁਣਾਂ ਦਾ ਮੈਂ ਅੰਤ ਤਾਂ ਨਹੀਂ ਪਾ ਸਕਾਂਗਾ, ਪਰ) ਇਹਨਾਂ ਤਰੀਕਿਆਂ ਨਾਲ ਮੈਂ ਆਪਣੇ ਚਿੱਤ ਨੂੰ ਤੇਰੇ ਚਰਨਾਂ ਵਿਚ ਟਿਕਾ ਕੇ ਰੱਖ ਸਕਾਂਗਾ। (ਹੇ ਭਾਈ!) ਮੈਂ ਆਪਣੇ ਹਿਰਦੇ ਵਿਚ ਹੀ ਉਸ ਖਸਮ-ਪ੍ਰਭੂ ਨੂੰ ਬੈਠਾ ਜਾਚ ਸਕਾਂਗਾ।੨।
(ਹੇ ਭਾਈ! ਪ੍ਰਭੂ ਹਰੇਕ ਥਾਂ ਵਿਆਪਕ ਹੈ, ਆਪਣੀ ਵਡਿਆਈ ਭੀ ਉਹ ਆਪ ਹੀ ਜਾਣਦਾ ਹੈ ਤੇ ਜਾਚ ਸਕਦਾ ਹੈ ਉਹ) ਆਪ ਹੀ ਤੱਕੜੀ ਹੈ, ਤੱਕੜੀ ਦਾ ਵੱਟਾ ਹੈ, ਤੱਕੜੀ ਦੀ ਬੋਦੀ ਹੈ, ਉਹ ਆਪ ਹੀ (ਆਪਣੇ ਗੁਣਾਂ ਨੂੰ) ਤੋਲਣ ਵਾਲਾ ਹੈ। ਉਹ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਜੀਵ-ਰੂਪ ਹੋ ਕੇ ਜਗਤ ਵਿਚ (ਨਾਮ) ਵਣਜ ਕਰ ਰਿਹਾ ਹੈ।੩।
ਅੰਞਾਣ ਨਾਨਕ ਪਰਮਾਤਮਾ ਦੇ ਗੁਣਾਂ ਦੀ ਕਦਰ ਨਹੀਂ ਪਾ ਸਕਦਾ, ਕਿਉਂਕਿ ਇਸ ਦੀ ਸੰਗਤਿ ਸਦਾ ਉਸ ਮਨ ਨਾਲ ਹੈ ਜੋ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਪਿਆ ਹੈ ਜੋ (ਜਨਮਾਂ ਜਨਮਾਂਤਰਾਂ ਦੇ ਵਿਕਾਰਾਂ ਦੀ ਮੈਲ ਨਾਲ) ਨੀਵੀਂ ਜਾਤਿ ਦਾ ਬਣਿਆ ਹੋਇਆ ਹੈ, ਜੋ ਸਦਾ ਭਟਕਦਾ ਰਹਿੰਦਾ ਹੈ, ਰਤਾ ਮਾਤ੍ਰ ਭੀ ਕਿਤੇ ਇਕ ਥਾਂ ਟਿਕ ਨਹੀਂ ਸਕਦਾ।੪।੨।੯।
SOOHEE, FIRST MEHL: |
What scale, what weights, and what assayer shall I call for You, Lord? From what guru should I receive instruction? By whom should I have Your value appraised? || 1 || O my Dear Beloved Lord, Your limits are not known. You pervade the water, the land, and the sky; You Yourself are All-pervading. || 1 || Pause || Mind is the scale, consciousness the weights, and the performance of Your service is the appraiser. Deep within my heart, I weigh my Husband Lord; in this way I focus my consciousness. || 2 || You Yourself are the balance, the weights and the scale; You Yourself are the weigher. You Yourself see, and You Yourself understand; You Yourself are the trader. || 3 || The blind, low class wandering soul, comes for a moment, and departs in an instant. In its company, Nanak dwells; how can the fool attain the Lord? || 4 || 2 || 9|| |