ਰਾਮਕਲੀ ਮਹਲਾ ੫ ॥ ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥੨॥ ਅਪਨੈ ਰੰਗਿ ਕਰਤਾ ਕੇਲ ॥ ਆਪਿ ਬਿਛੋਰੈ ਆਪੇ ਮੇਲ ॥ ਇਕਿ ਭਰਮੇ ਇਕਿ ਭਗਤੀ ਲਾਏ ॥ ਅਪਣਾ ਕੀਆ ਆਪਿ ਜਣਾਏ ॥੩॥ ਸੰਤਨ ਕੀ ਸੁਣਿ ਸਾਚੀ ਸਾਖੀ ॥ ਸੋ ਬੋਲਹਿ ਜੋ ਪੇਖਹਿ ਆਖੀ ॥ ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥ ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥
ਅਰਥ: (ਹੇ ਭਾਈ!) ਪਰਮਾਤਮਾ ਕਿਹੋ ਜਿਹਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ। (ਜੀਵ) ਹੋਰਨਾਂ ਪਾਸੋਂ ਸੁਣ ਸੁਣ ਕੇ ਹੀ (ਪਰਮਾਤਮਾ ਬਾਰੇ) ਜ਼ਿਕਰ ਕਰਦਾ ਰਹਿੰਦਾ ਹੈ।੧।ਰਹਾਉ।
(ਹੇ ਭਾਈ! ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ (ਚਾਰੇ) ਵੇਦ (ਭੀ) ਨਹੀਂ ਜਾਣਦੇ। ਅਨੇਕਾਂ ਬ੍ਰਹਮਾ ਭੀ (ਉਸ ਦੇ) ਦਿਲ ਦੀ ਗੱਲ ਨਹੀਂ ਜਾਣਦੇ। ਸਾਰੇ ਅਵਤਾਰ ਭੀ ਉਸ (ਪਰਮਾਤਮਾ ਦੇ ਗੁਣਾਂ) ਦਾ ਅੰਤ ਨਹੀਂ ਜਾਣਦੇ। ਹੇ ਭਾਈ! ਪਾਰਬ੍ਰਹਮ ਪਰਮੇਸਰ ਬੇਅੰਤ ਹੈ।੧।
(ਹੇ ਭਾਈ!) ਅਨੇਕਾਂ ਸ਼ਿਵ ਜੀ ਪਰਮਾਤਮਾ ਦੇ ਦਿਲ ਦੀ ਗੱਲ ਨਹੀਂ ਜਾਣਦੇ, ਅਨੇਕਾਂ ਦੇਵਤੇ ਉਸ ਦੀ ਖੋਜ ਕਰਦੇ ਕਰਦੇ ਥੱਕ ਗਏ। ਦੇਵੀਆਂ ਵਿਚੋਂ ਭੀ ਕੋਈ ਉਸ ਪ੍ਰਭੂ ਦਾ ਭੇਦ ਨਹੀਂ ਜਾਣਦੀ। ਹੇ ਭਾਈ! ਪਰਮਾਤਮਾ ਸਭਨਾਂ ਤੋਂ ਵੱਡਾ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ।੨।
(ਹੇ ਭਾਈ!) ਪਰਮਾਤਮਾ ਆਪਣੀ ਮੌਜ ਵਿਚ (ਜਗਤ ਦੇ ਸਾਰੇ) ਕੌਤਕ ਕਰ ਰਿਹਾ ਹੈ, ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ ਮਿਲਾਂਦਾ ਹੈ। ਅਨੇਕਾਂ ਜੀਵਾਂ ਨੂੰ ਉਸ ਨੇ ਭਟਕਣਾ ਵਿਚ ਪਾਇਆ ਹੋਇਆ ਹੈ, ਤੇ ਅਨੇਕਾਂ ਜੀਵਾਂ ਨੂੰ ਆਪਣੀ ਭਗਤੀ ਵਿਚ ਜੋੜਿਆ ਹੋਇਆ ਹੈ। (ਇਹ ਜਗਤ ਉਸ ਦਾ) ਆਪਣਾ ਹੀ ਪੈਦਾ ਕੀਤਾ ਹੋਇਆ ਹੈ, (ਇਸ ਨੂੰ ਉਹ) ਆਪ ਹੀ ਸੂਝ ਬਖ਼ਸ਼ਦਾ ਹੈ।੩।
(ਹੇ ਭਾਈ!) ਸੰਤ-ਜਨਾਂ ਬਾਰੇ ਇਹ ਸੱਚੀ ਗੱਲ ਸੁਣ। ਸੰਤ ਜਨ ਉਹ ਕੁਝ ਆਖਦੇ ਹਨ ਜੋ ਉਹ ਆਪਣੀਆਂ ਅੱਖਾਂ ਨਾਲ ਵੇਖਦੇ ਹਨ। (ਸੰਤ ਜਨ ਆਖਦੇ ਹਨ ਕਿ) ਉਸ ਪਰਮਾਤਮਾ ਉਤੇ ਨਾਹ ਕਿਸੇ ਪੁੰਨ ਨੇ ਨਾਹ ਕਿਸੇ ਪਾਪ ਨੇ (ਕਦੇ ਆਪਣਾ) ਪ੍ਰਭਾਵ ਪਾਇਆ ਹੈ। ਹੇ ਭਾਈ! ਨਾਨਕ ਦਾ ਪਰਮਾਤਮਾ (ਆਪਣੇ ਵਰਗਾ) ਆਪ ਹੀ ਆਪ ਹੈ।੪।੨੫।੩੬।
RAAMKALEE, FIFTH MEHL: |
The Vedas do not know His greatness. Brahma does not know His mystery. Incarnated beings do not know His limit. The Transcendent Lord, the Supreme Lord God, is infinite. || 1 || Only He Himself knows His own state. Others speak of Him only by hearsay. || 1 || Pause || Shiva does not know His mystery. The gods gave grown weary of searching for Him. The goddesses do not know His mystery. Above all is the unseen, Supreme Lord God. || 2 || The Creator Lord plays His own plays. He Himself separates, and He Himself unites. Some wander around, while others are linked to His devotional worship. By His actions, He makes Himself known. || 3 || Listen to the true story of the Saints. They speak only of what they see with their eyes. He is not involved with virtue or vice. Nanaks God is Himself all-in-all. || 4 || 25 || 36 || |